ਘਰੋਂ ਬਾਹਰ ਭੋਜਨ ਖਾਣਾ: ਜਦੋਂ ਤੁਸੀਂ ਘਰੋਂ ਬਾਹਰ ਖਾਂਦੇ ਹੋ ਤਾਂ ਸਿਹਤਮੰਦ ਭੋਜਨ ਦੀ ਚੋਣ ਕਰਨੀ

ਘਰੋਂ ਬਾਹਰ ਖਾਣਾ ਬਹੁਤ ਸਾਰੇ ਲੋਕਾਂ ਦੇ ਜੀਵਨ ਢੰਗ ਦਾ ਹਿੱਸਾ ਬਣ ਗਿਆ ਹੈ। ਭਾਵੇਂ ਕਿ ਕੰਮ ‘ਤੇ ਖਾਣ ਲਈ ਅਸੀਂ ਆਪਣਾ ਭੋਜਨ ਲੈ ਜਾ ਸਕਦੇ ਹਾਂ ਪਰ ਅਸੀਂ ਅਕਸਰ ਰੈਸਟਰਾਂ ਵਿਖੇ ਖਾਂਦੇ ਹਾਂ, ਜਾਂ ਬਾਹਰ ਲੈ ਜਾਣ ਵਾਲੇ ਕਾਊਂਟਰਾਂ, ਭੋਜਨ ਵੇਚਣ ਵਾਲੀਆਂ ਮਸ਼ੀਨਾਂ, ਅਤੇ ਗਰਾਸਰੀ ਜਾਂ ਕਾਰਨਰ ਸਟੋਰਾਂ ਤੋਂ ਭੋਜਨ ਖ਼ਰੀਦਦੇ ਹਾਂ।

ਜਦੋਂ ਅਸੀਂ ਘਰੋਂ ਬਾਹਰ ਖਾਂਦੇ ਹਾਂ ਤਾਂ ਸਿਹਤਮੰਦ ਭੋਜਨ ਚੁਣ ਕੇ ਸ਼ੱਕਰ ਰੋਗ (ਸ਼ੂਗਰ ਦੀ ਬਿਮਾਰੀ) ਦਾ ਉਪਾਅ ਕਰਨ ਅਤੇ ਇਸ ਦੀਆਂ ਮੁਸ਼ਕਿਲਾਂ/ਪੇਚੀਦਗੀਆਂ ਦੀ ਸ਼ੁਰੂਆਤ ਨੂੰ ਟਾਲਣ ਵਿੱਚ ਮਦਦ ਕਰ ਸਕਦੇ ਹਾਂ।

ਸਹੀ ਸੰਤੁਲਨ ਅਤੇ ਖ਼ੁਰਾਕ ਦੀ ਸਹੀ ਮਾਤਰਾ ਲੈਣੀ

ਕੈਨੇਡਾ ਦੀ ਫ਼ੂਡ ਗਾਈਡ (ਭੋਜਨ ਖਾਣ ਸੰਬੰਧੀ ਜਾਣਕਾਰੀ ਦੀ ਪੁਸਤਕ) ਵਿੱਚ ਭੋਜਨ ਦੇ ਚਾਰ ਮੁੱਖ ਗਰੁੱਪ ਸ਼ਾਮਲ ਹਨ:
● ਸਬਜ਼ੀਆਂ ਅਤੇ ਫਲ਼
● ਅਨਾਜ ਤੋਂ ਬਣੀਆਂ ਵਸਤਾਂ
● ਦੁੱਧ ਅਤੇ ਇਸਦੇ ਬਦਲ
● ਮੀਟ ਅਤੇ ਇਸਦੇ ਬਦਲ

ਭੋਜਨ ਦੇ ਸਾਰੇ ਗਰੁੱਪਾਂ ਵਿੱਚੋਂ ਭੋਜਨ ਦੀ ਚੋਣ ਕਰਨ ਨਾਲ ਇਹ ਯਕੀਨੀ ਬਣਦਾ ਹੈ ਕਿ ਤੁਹਾਡੇ ਸਰੀਰ ਨੂੰ ਲੋੜੀਂਦੇ ਸਾਰੇ ਪੌਸਟਿਕ ਤੱਤ ਮਿਲਦੇ ਹਨ। ਸੰਤੁਲਤ ਭੋਜਨ ਦੀ ਯੋਜਨਾ ਬਣਾਉਣ ਸਮੇਂ ਕੈਨੇਡਾ ਦੀ ਫ਼ੂਡ ਗਾਈਡ ਵਿੱਚ ਦਿੱਤੇ ਭੋਜਨ ਦੇ 4 ਗਰੁੱਪਾਂ ਵਿੱਚੋਂ ਘੱਟੋ ਘੱਟ 3 ਗਰੁੱਪ ਖਾਉ। ਜਦੋਂ ਸਨੈਕ ਖਾਣਾ ਹੋਵੇ ਤਾਂ 4 ਗਰੁੱਪਾਂ ਵਿੱਚੋਂ ਘੱਟੋ ਘੱਟ 1 ਜਾਂ 2 ਗਰੁੱਪਾਂ ਵਿੱਚੋਂ ਖਾਉ।

ਜਦੋਂ ਤੁਸੀਂ ਆਪਣੇ ਭੋਜਨ ਦੀ ਯੋਜਨਾ ਬਣਾਉਂਦੇ ਹੋ ਉਦੋਂ ਪਲੇਟ ਵਾਲਾ ਢੰਗ ਸਹੀ ਸੰਤੁਲਨ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

ਆਪਣੇ ਭੋਜਨ ਦੀ ਮਾਤਰਾ (ਆਕਾਰ) ਦਾ ਧਿਆਨ ਰੱਖੋ

ਘਰੋਂ ਬਾਹਰ ਖਾਧੇ ਜਾਣ ਵਾਲੇ ਭੋਜਨ ਆਮ ਤੌਰ ’ਤੇ ਬਹੁਤ ਵੱਧ ਮਾਤਰਾ ਵਿੱਚ ਪਰੋਸੇ ਜਾਂਦੇ ਹਨ। ਭੋਜਨ ਦੀ ਮਾਤਰਾ ਦਾ ਧਿਆਨ ਰੱਖਣ ਲਈ ਖ਼ੁਰਾਕ ਦੀ ਮਿਣਤੀ ਕਰਨ ਵਾਲੀ ਹੱਥਲੀ ਗਾਈਡ ਵਰਤੋ। ਜੇ ਪਰੋਸੇ ਗਏ ਭੋਜਨ ਦੀ ਮਾਤਰਾ (ਆਕਾਰ) ਤੁਹਾਡੇ ਸਧਾਰਨ ਭੋਜਨ ਦੀ ਮਾਤਰਾ ਤੋਂ ਵੱਧ ਜਾਂ ਘੱਟ ਹੋਵੇ ਤਾਂ ਬਲੱਡ ਗੁਲੂਕੋਜ਼ (ਖ਼ੂਨ ਅੰਦਰ ਸ਼ੂਗਰ) ਦੇ ਪੱਧਰ ਨੂੰ ਸਥਿਰ ਰੱਖਣ ਲਈ ਤੁਹਾਨੂੰ ਭੋਜਨ ਦੀ ਮਾਤਰਾ, ਆਪਣੀ ਇਨਸੁਲਿਨ, ਜਾਂ ਸਰੀਰਕ ਕਿਰਿਆਸ਼ੀਲਤਾ ਨੂੰ ਘੱਟ- ਵੱਧ ਕਰਨ ਦੀ ਲੋੜ ਪਵੇਗੀ। ਰੈਸਟਰਾਂ ਵਿੱਚ, ਤੁਸੀਂ ਆਪਣੇ ਬਾਕੀ ਰਹਿ ਗਏ (ਅਣਖਾਧੇ) ਭੋਜਨ ਨੂੰ ਪੈਕ ਕਰਨ ਲਈ ਕਹਿ ਸਕਦੇ ਹੋ, ਆਪਣਾ ਮੁੱਖ ਭੋਜਨ ਕਿਸੇ ਨਾਲ ਵੰਡ ਸਕਦੇ ਹੋ ਜਾਂ ਅੱਧੀ ਮਾਤਰਾ ਵਿੱਚ ਪਰੋਸੇ ਜਾਣ ਲਈ ਬੇਨਤੀ ਕਰ ਸਕਦੇ ਹੋ।