become a fan on facebook  follow us on twitter  subscribe for updates  subscribe for updates


ਇਸ ਦੀ ਡੂੰਘਾਈ ਤੱਕ ਜਾਉ: ਬਲੱਡ ਪ੍ਰੈਸ਼ਰ, ਕੋਲੈਸਟਰੌਲ ਅਤੇ ਸ਼ੱਕਰ ਰੋਗ (ਸ਼ੂਗਰ) ਨੂੰ ਕਾਬੂ ਵਿੱਚ ਰੱਖਣਾ

ਸ਼ੱਕਰ ਰੋਗ ਵਾਲੇ ਵਿਅਕਤੀਆਂ ਨੂੰ ਦਿਲ ਦਾ ਦੌਰਾ, ਸਟਰੋਕ, ਅਤੇ ਲੱਤਾਂ ਦੇ ਹੇਠਲੇ ਹਿੱਸੇ ਅਤੇ ਪੈਰਾਂ ਨੂੰ ਜਾਂਦੀਆਂ ਖ਼ੂਨ ਦੀਆਂ ਨਾੜੀਆਂ ਵਿੱਚ ਖ਼ੂਨ ਦਾ ਦੌਰਾ ਘੱਟ ਹੋਣ ਦਾ ਵਧੇਰੇ ਖ਼ਤਰਾ ਹੁੰਦਾ ਹੈ।

ਕਈ ਹੋਰ ਕਾਰਨਾ ਕਰਕੇ ਵੀ ਸ਼ੱਕਰ ਰੋਗ ਵਾਲੇ ਵਿਅਕਤੀਆਂ ਵਿੱਚ ਖ਼ਤਰਾ ਵਧੇਰੇ ਹੋ ਜਾਂਦਾ ਹੈ। ਉਨ੍ਹਾਂ ਵਿੱਚ ਇਹ ਸ਼ਾਮਲ ਹਨ:

  • ਤਮਾਕੂਨੋਸ਼ੀ (ਸਿਗਰਟ ਆਦਿ ਪੀਣੀ)
  • ਕੋਲੈਸਟਰੌਲ ਵੱਧ ਹੋਣਾ
  • ਬਲੱਡ ਪ੍ਰੈਸ਼ਰ ਜ਼ਿਆਦਾ ਹੋਣਾ
  • ਦਿਲ ਦੇ ਰੋਗ ਵਾਲਾ ਪਰਿਵਾਰਕ ਪਿਛੋਕੜ
  • ਸਰੀਰ ਦਾ ਭਾਰ ਲੋੜ ਤੋਂ ਜ਼ਿਆਦਾ ਹੋਣਾ ਜਾਂ ਆਲਸੀ ਹੋਣਾ
  • ਬਹੁਤ ਜ਼ਿਆਦਾ ਮਾਨਸਿਕ ਤਣਾਅ ਹੋਣਾ

ਸ਼ੱਕਰ ਰੋਗ, ਬਲੱਡ ਪ੍ਰੈਸ਼ਰ ਅਤੇ ਕੋਲੈਸਟਰੌਲ ਨੂੰ ਕਾਬੂ ਵਿੱਚ ਰੱਖ ਕੇ ਤੁਸੀਂ ਆਪਣੇ ਦਿਲ ਅਤੇ ਖ਼ੂਨ ਦੇ ਦੌਰੇ ਨੂੰ ਸੁਰੱਖਿਅਤ ਰੱਖ ਸਕਦੇ ਹੋ।

ਦਿਲ ਦਾ ਦੌਰਾ ਪੈਣ ਜਾਂ ਸਟਰੋਕ ਹੋਣ ਦਾ ਕੀ ਕਾਰਨ ਹੈ?

ਸਾਡੀਆਂ ਖ਼ੂਨ ਵਾਲੀਆਂ ਨਾੜੀਆਂ ਦਿਲ ਅਤੇ ਦਿਮਾਗ ਨੂੰ ਆਕਸੀਜਨ ਅਤੇ ਪੌਸ਼ਟਿਕ ਤੱਤ ਲੈ ਕੇ ਜਾਂਦੀਆਂ ਹਨ। ਜਦੋਂ ਕੋਈ ਨਾੜੀ ਪੂਰੀ ਤਰ੍ਹਾਂ ਬੰਦ ਹੋ ਜਾਂਦੀ ਹੈ ਤਾਂ ਖ਼ੂਨ ਵਿੱਚੋਂ ਆਕਸੀਜਨ ਅਤੇ ਪੌਸ਼ਟਿਕ ਤੱਤ ਨਾ ਮਿਲਣ ਕਾਰਨ ਤੰਤੂ (ਟਿਸ਼ੂ) ਮਰਨੇ ਸ਼ੁਰੂ ਹੋ ਜਾਂਦੇ ਹਨ। ਇਸ ਤਰ੍ਹਾਂ ਦਿਲ ਦਾ ਦੌਰਾ ਪੈ ਜਾਂਦਾ ਹੈ ਜਾਂ ਸਟਰੋਕ ਹੋ ਜਾਂਦਾ ਹੈ।

ਜਿਹੜੀ ਨਾੜੀ ਕੁਝ ਹੱਦ ਤੱਕ ਬੰਦ ਹੋਈ ਹੁੰਦੀ ਹੈ ਉਸ ਨਾਲ ਦਿਲ ਦੇ ਉਦਾਲੇ ਛਾਤੀ ਵਿੱਚ ਦਰਦ (ਐਨਜਾਈਨਾ) ਹੋ ਸਕਦਾ ਹੈ। ਜਾਂ ਇਸ ਨਾਲ ਦਿਮਾਗ ਵਿੱਚ “ਹਲਕਾ ਜਿਹਾ ਸਟਰੋਕ’ ਹੋ ਸਕਦਾ ਹੈ। ਸਮੇਂ ਨਾਲ, ਕੁਝ ਹੱਦ ਤੱਕ ਬੰਦ ਹੋਈਆਂ ਇਹ ਨਾੜੀਆਂ ਪੂਰੀ ਤਰ੍ਹਾਂ ਬੰਦ ਹੋ ਸਕਦੀਆ ਹਨ। ਖ਼ੂਨ ਵਾਲੀਆਂ ਛੋਟੀਆਂ ਨਾੜੀਆਂ ਵਿੱਚ ਦੌਰਾ ਘੱਟ ਹੋਣ ਕਾਰਨ ਸ਼ੱਕਰ ਰੋਗ ਦੀਆਂ ਹੋਰ ਉਲਝਣਾਂ ਵੀ ਪੈਦਾ ਹੋ ਜਾਂਦੀਆਂ ਹਨ, ਜਿਵੇਂ ਕਿ ਅੱਖ, ਨਸਾਂ ਅਤੇ ਗੁਰਦੇ ਦੇ ਰੋਗ।